ਪੰਜਾਬੀ ਫ਼ਿਲਮਾਂ ਦੇ ਸੁਪਰ ਸਟਾਰ ਵਰਿੰਦਰ ਦੀ ਮੌਤ ਦਾ ਭੇਤ ਅੱਜ ਤੱਕ ਅਣਸੁਲਝਿਆ ?
ਬੇਟੇ ਰਣਦੀਪ ਨੇ 2019 ਵਿੱਚ ਆਪਣੇ ਪਿਤਾ ਦੀ ਜੀਵਨੀ 'ਤੇ ਆਧਾਰਿਤ ਬਾਇਓਪਿਕ ਫਿਲਮ ਬਣਾਉਣ ਦਾ ਕੀਤਾ ਸੀ ਐਲਾਨ
ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ 'ਤੇ ਆਧਾਰਿਤ ਫਿਲਮ 'ਚਮਕੀਲਾ' ਇਨ੍ਹੀਂ ਦਿਨੀਂ OTT ਪਲੇਟਫਾਰਮ Netflix 'ਤੇ ਧਮਾਲਾਂ ਮਚਾ ਰਹੀ ਹੈ। ਇਸ ਫਿਲਮ 'ਚ ਅਮਰ ਸਿੰਘ ਦਾ ਕਿਰਦਾਰ ਦਿਲਜੀਤ ਦੋਸਾਂਝ ਨੇ ਨਿਭਾਇਆ ਹੈ ਅਤੇ ਪਰਿਣੀਤੀ ਚੋਪੜਾ ਉਨ੍ਹਾਂ ਦੀ ਪਤਨੀ ਦੇ ਕਿਰਦਾਰ 'ਚ ਨਜ਼ਰ ਆ ਰਹੀ ਹੈ। ਪਰ ਅੱਜ ਅਸੀਂ ਤੁਹਾਨੂੰ ਚਮਕੀਲਾ ਬਾਰੇ ਨਹੀਂ ਸਗੋਂ ਇੱਕ ਅਜਿਹੇ ਐਕਟਰ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦਾ ਵੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਹ ਅਦਾਕਾਰ ਧਰਮਿੰਦਰ ਦਾ ਚਚੇਰਾ ਭਰਾ ਲੱਗਦਾ ਸੀ। ਇਸ ਕਤਲ ਦਾ ਭੇਤ ਅਜੇ ਵੀ ਸੁਲਝਿਆ ਨਹੀਂ...
ਦੀਪਕ ਗਰਗ
ਕੋਟਕਪੂਰਾ 30 ਅਪ੍ਰੈਲ 2024 : ਇਨ੍ਹੀਂ ਦਿਨੀਂ ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਚਮਕੀਲਾ' ਨੂੰ ਲੈ ਕੇ ਫਿਲਮ ਇੰਡਸਟਰੀ 'ਚ ਸੁਰਖੀਆਂ 'ਚ ਹਨ। ਇਸ ਫਿਲਮ ਵਿੱਚ ਦਿਖਾਇਆ ਗਿਆ ਹੈ ਕਿ ਅਮਰ ਸਿੰਘ ਚਮਕੀਲਾ ਅਤੇ ਉਨ੍ਹਾਂ ਦੀ ਪਤਨੀ ਅਮਰਜੋਤ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ। ਹਾਲਾਂਕਿ ਅਜੇ ਤੱਕ ਇਸ ਗੱਲ ਦਾ ਖੁਲਾਸਾ ਨਹੀਂ ਹੋਇਆ ਹੈ ਕਿ ਦੋਵਾਂ ਦਾ ਕਤਲ ਕਿਸ ਨੇ ਕੀਤਾ ਹੈ।
ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਦੇ ਚਚੇਰੇ ਭਰਾ ਨਾਲ ਵੀ ਅਜਿਹੀ ਹੀ ਘਟਨਾ ਵਾਪਰੀ ਸੀ। ਦਰਅਸਲ ਅਮਰ ਸਿੰਘ ਅਤੇ ਅਮਰਜੋਤ ਦੇ ਕਤਲ ਤੋਂ ਕੁਝ ਦਿਨ ਬਾਅਦ ਇੱਕ ਅਜਿਹੀ ਘਟਨਾ ਸਾਹਮਣੇ ਆਈ ਸੀ ਜਿਸ ਵਿੱਚ ਧਰਮਿੰਦਰ ਨੇ ਆਪਣੇ ਚਚੇਰੇ ਭਰਾ ਵਰਿੰਦਰ ਸਿੰਘ ਨੂੰ ਵੀ ਗਵਾ ਦਿੱਤਾ ਸੀ।
ਸੁਪਰਸਟਾਰ ਧਰਮਿੰਦਰ ਨੇ ਆਪਣੇ ਕਰੀਅਰ 'ਚ ਕਈ ਸੁਪਰਹਿੱਟ ਫਿਲਮਾਂ 'ਚ ਕੰਮ ਕੀਤਾ ਹੈ। ਉਹ ਆਪਣੇ ਪਰਿਵਾਰ ਦੇ ਪਹਿਲੇ ਵਿਅਕਤੀ ਸਨ ਜੋ ਅਦਾਕਾਰ ਬਣਨ ਦਾ ਸੁਪਨਾ ਲੈ ਕੇ ਮੁੰਬਈ ਪਹੁੰਚੇ। ਧਰਮਿੰਦਰ ਦੇ ਹੀਰੋ ਬਣਨ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੇ ਕਈ ਲੋਕਾਂ ਨੇ ਅਦਾਕਾਰੀ ਵਿੱਚ ਹੱਥ ਅਜ਼ਮਾਇਆ। ਉਨ੍ਹਾਂ ਦਾ ਚਚੇਰਾ ਭਰਾ ਵਰਿੰਦਰ ਸਿੰਘ ਵੀ ਅਜਿਹਾ ਹੀ ਇੱਕ ਵਿਅਕਤੀ ਸੀ। ਵਰਿੰਦਰ ਨੇ ਬਾਲੀਵੁੱਡ ਤੋਂ ਅੱਲਗ ਪਾਲੀਵੁੱਡ ਨੂੰ ਮੁੱਖ ਤੌਰ ਤੇ ਆਪਣੇ ਕੰਮ ਦੇ ਸਥਾਨ ਵਜੋਂ ਚੁਣਿਆ ਸੀ। ਕੁਝ ਹੀ ਸਮੇਂ ਵਿੱਚ ਉਹ ਪੰਜਾਬੀ ਫਿਲਮ ਇੰਡਸਟਰੀ ਵਿੱਚ ਇੱਕ ਵੱਡਾ ਨਾਮ ਬਣ ਗਏ ਸੀ। ਉਨ੍ਹਾਂ ਨੇ ਕਈ ਸੁਪਰਹਿੱਟ ਪੰਜਾਬੀ ਫਿਲਮਾਂ 'ਚ ਕੰਮ ਕੀਤਾ ਸੀ।
ਵਰਿੰਦਰ ਸਿੰਘ ਵੀ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਹਸਤੀ ਸੀ। ਉਨ੍ਹਾਂ ਦੀ ਵੀ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਅਦਾਕਾਰ ਹੋਣ ਦੇ ਨਾਲ-ਨਾਲ ਉਹ ਇੱਕ ਫਿਲਮ ਨਿਰਮਾਤਾ ਵੀ ਸੀ। ਉਨ੍ਹਾਂ ਨੇ ਲਗਭਗ 25 ਫਿਲਮਾਂ ਵਿੱਚ ਕੰਮ ਕੀਤਾ ਹੈ ਅਤੇ ਸਾਰੀਆਂ ਹਿੱਟ ਰਹੀਆਂ ਹਨ। ਜਿਨ੍ਹਾਂ ਵਿੱਚ ਗਿੱਧਾ, ਰਾਣੋ, ਧਰਮਜੀਤ, ਕੁੰਵਾਰਾ ਮਾਮਾ, ਰਾਂਝਣ ਮੇਰਾ ਯਾਰ, ਸੈਦਾਂ ਜੋਗਨ, ਲੰਬੜਦਾਰਨੀ, ਸਰਪੰਚ, ਬਟਵਾਰਾ, ਬਲਬੀਰੋ ਭਾਬੀ, ਨਿੰਮੋ, ਵੈਰੀ ਜੱਟ, ਪਟੋਲਾ ਅਤੇ ਯਾਰੀ ਜੱਟ ਦੀ ਸ਼ਾਮਲ ਹਨ। ਉਨ੍ਹਾਂ ਨੇ ਹਿੰਦੀ ਫਿਲਮਾਂ ਖੇਲ ਮੁਕੱਦਰ ਕਾ (1981) ਅਤੇ ਦੋ ਚੇਹਰੇ (1977) ਵਿੱਚ ਵੀ ਹੱਥ ਅਜ਼ਮਾਇਆ। ਉਨ੍ਹਾਂ ਨੇ ਹਿੰਦੀ ਫਿਲਮਾਂ ਤੁਲਸੀ ਅਤੇ ਮੇਰਾ ਲਹੂ ਦਾ ਨਿਰਦੇਸ਼ਨ ਵੀ ਕੀਤਾ। ਵਰਿੰਦਰ ਦੀ ਅਦਾਕਾਰੀ ਵਾਲੀਆਂ ਕਈ ਫਿਲਮਾਂ ਨੂੰ ਹਿੰਦੀ ਵਿੱਚ ਵੀ ਡੱਬ ਕੀਤਾ ਗਿਆ। ਇਨ੍ਹਾਂ ਦੀ ਅਦਾਕਾਰੀ ਵਾਲੀ ਸੁਪਰ ਹਿੱਟ ਪੰਜਾਬੀ ਫਿਲਮ ਸੈਦਾਂ ਜੋਗਨ ਧਰਮਿੰਦਰ ਅਤੇ ਹੇਮਾਮਾਲਿਨੀ ਦੀ ਅਦਾਕਾਰੀ ਵਾਲੀ ਸੁਪਰ ਹਿੱਟ ਹਿੰਦੀ ਫਿਲਮ ਸੀਤਾ ਔਰ ਗੀਤਾ ਤੋਂ ਪ੍ਰੇਰਿਤ ਸੀ। ਸੈਦਾਂ ਜੋਗਨ ਦੀ ਹੀਰੋਇਨ ਮਰਹੂਮ ਅਦਾਕਾਰਾ ਦਲਜੀਤ ਕੌਰ ਸੀ। ਜਿਸਨੂੰ ਪਂਜਾਬੀ ਫਿਲਮਾਂ ਦੀ ਹੇਮਾ ਮਾਲਿਨੀ ਕਿਹਾ ਜਾਂਦਾ ਹੈ। ਫਿਲਮ ਪਟੋਲਾ ਵਿੱਚ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਵਾਲੇ ਅਖਾੜੇ ਦੀ ਗੱਲ ਕਰੀਏ ਤਾਂ ਇਸ ਅਖਾੜੇ ਦੇ ਸਾਹਮਣੇ ਦਰਸ਼ਕਾਂ ਵਿੱਚ ਵਰਿੰਦਰ ਵੀ ਦਿਖਾਈ ਦਿੰਦੇ ਹਨ।
ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਤੇਰੀ ਮੇਰੀ ਇਕ ਜਿੰਦੜੀ' ਨਾਲ ਕੀਤੀ ਸੀ।
ਇਸ 'ਚ ਧਰਮਿੰਦਰ ਵੀ ਖਾਸ ਭੂਮਿਕਾ 'ਚ ਨਜ਼ਰ ਆਏ ਸਨ। ਧਰਮਿੰਦਰ ਦੀ ਲੋਕਪ੍ਰਿਅਤਾ ਕਾਰਨ ਇਹ ਫ਼ਿਲਮ ਸੁਪਰਹਿੱਟ ਸਾਬਤ ਹੋਈ ਅਤੇ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਵੀ ਨਵਾਂ ਕਲਾਕਾਰ ਮਿਲਿਆ।
ਭਰਾ ਨੂੰ ਦੇਖ ਕੇ ਬਣੇ ਐਕਟਰ :
ਵਰਿੰਦਰ ਦਾ ਜਨਮ ਫਗਵਾੜਾ 'ਚ ਹੋਇਆ ਸੀ। ਧਰਮਿੰਦਰ ਦੀ ਸਕੂਲੀ ਪੜ੍ਹਾਈ ਵੀ ਇਸੇ ਥਾਂ ਹੋਈ ਸੀ। ਧਰਮਿੰਦਰ ਦੇ ਹੀਰੋ ਬਣਨ ਤੋਂ ਬਾਅਦ ਵਰਿੰਦਰ ਨੇ ਐਕਟਿੰਗ ਵਿੱਚ ਜਾਣ ਦਾ ਫੈਸਲਾ ਕੀਤਾ। ਸ਼ੁਰੂ ਵਿਚ ਉਹ ਐਕਟਿੰਗ ਕਰਦੇ ਸਨ ਪਰ ਹੌਲੀ-ਹੌਲੀ ਉਹ ਇਕ ਸਫਲ ਨਿਰਦੇਸ਼ਕ, ਨਿਰਮਾਤਾ ਅਤੇ ਲੇਖਕ ਵੀ ਬਣ ਗਏ।
ਅਭਿਨੇਤਾ ਵਰਿੰਦਰ ਸਿੰਘ ਨਾ ਸਿਰਫ ਧਰਮਿੰਦਰ ਦੇ ਚਚੇਰੇ ਭਰਾ ਸਨ, ਸਗੋਂ ਦਿੱਖ ਵਿੱਚ ਵੀ ਬਿਲਕੁਲ ਉਨ੍ਹਾਂ ਵਰਗੇ ਹੀ ਦਿਖਦੇ ਸਨ। ਉਹ ਆਪਣੀ ਪਹਿਲੀ ਫਿਲਮ ਤੋਂ ਬਹੁਤ ਹਿੱਟ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਵਰਿੰਦਰ ਦਾ ਨਾਂ ਪੰਜਾਬੀ ਸਿਨੇਮਾ 'ਚ ਇੰਨਾ ਮਸ਼ਹੂਰ ਹੋ ਗਿਆ ਸੀ ਕਿ ਹਰ ਨਿਰਮਾਤਾ-ਨਿਰਦੇਸ਼ਕ ਉਨ੍ਹਾਂ ਨੂੰ ਆਪਣੀ ਫਿਲਮ 'ਚ ਕਾਸਟ ਕਰਨਾ ਚਾਹੁੰਦੇ ਸਨ। ਵਰਿੰਦਰ ਸਿੰਘ ਨੂੰ ਪੰਜਾਬੀ ਸਿਨੇਮਾ ਦਾ ਗ੍ਰੇਟ ਸ਼ੋਮੈਨ, ਗੌਡਫਾਦਰ ਅਤੇ ਸੁਪਰ ਸਟਾਰ ਕਿਹਾ ਜਾਂਦਾ ਸੀ।
ਜਦੋਂ ਉਹ ਆਪਣੇ ਕਰੀਅਰ ਵਿੱਚ ਕਾਫੀ ਕਾਮਯਾਬੀ ਹਾਸਲ ਕਰ ਰਹੇ ਸੀ ਤਾਂ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਸਨ। ਹਾਲਾਂਕਿ ਉਨ੍ਹਾਂ ਨੇ ਉਨ੍ਹਾਂ ਗੱਲਾਂ ਨੂੰ ਨਜ਼ਰਅੰਦਾਜ਼ ਕੀਤਾ ਅਤੇ ਸਫਲਤਾ ਦੀਆਂ ਪੌੜੀਆਂ ਚੜ੍ਹਦੇ ਰਹੇ।
ਪਰ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਉਹ ਆਪਣੀ ਇੱਕ ਫਿਲਮ ਦੇ ਸੈੱਟ 'ਤੇ ਸ਼ੂਟਿੰਗ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਵੀ ਗੋਲੀ ਮਾਰ ਦਿੱਤੀ ਗਈ।
‘ਟਾਈਮਜ਼ ਆਫ਼ ਇੰਡੀਆ’ ਮੁਤਾਬਕ 6 ਦਸੰਬਰ 1988 ਨੂੰ ਵਰਿੰਦਰ ਪੰਜਾਬੀ ਫ਼ਿਲਮ ‘ਜੱਟ ਤੇ ਜ਼ਮੀਨ’ ਦੀ ਸ਼ੂਟਿੰਗ ਕਰ ਰਹੇ ਸੀ। ਵਰਿੰਦਰ ਦਾ ਲੁਧਿਆਣਾ ਦੇ ਤਲਵੰਡੀ ਕਲਾਂ 'ਚ ਗੋਲੀ ਮਾਰਕੇ ਕਤਲ ਕਰ ਦਿੱਤਾ ਗਿਆ ਸੀ। ਇਸ ਦੌਰਾਨ ਉਹ ਸੈੱਟ 'ਤੇ ਮੌਜੂਦ ਸਨ। ਕਤਲ ਦੇ ਕਈ ਸਾਲ ਬੀਤ ਜਾਣ 'ਤੇ ਵੀ ਇਸ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ, ਅਜੇ ਤੱਕ ਇਹ ਰਹੱਸ ਬਣਿਆ ਹੋਇਆ ਹੈ ਕਿ ਫਿਲਮ ਦੀ ਸ਼ੂਟਿੰਗ ਦੌਰਾਨ ਹੀ ਉਨ੍ਹਾਂ ਦਾ ਕਤਲ ਕਿਸਨੇ ਅਤੇ ਕਿਉਂ ਕੀਤਾ ? ਅਮਰ ਸਿੰਘ ਚਮਕੀਲਾ ਅਤੇ ਉਸ ਦੀ ਪਤਨੀ ਅਮਰਜੋਤ ਦੇ ਕਤਲ ਵਾਂਗ ਇਹ ਕਤਲ ਵੀ ਭੇਤ ਬਣਿਆ ਹੋਇਆ ਹੈ। ਉਸ ਦੌਰਾਨ ਕਈ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਵਰਿੰਦਰ ਦੀ ਲੋਕਪ੍ਰਿਅਤਾ ਕਾਰਨ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਹਾਲਾਂਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅੱਤਵਾਦੀਆਂ ਨੇ ਗੋਲੀ ਮਾਰ ਦਿੱਤੀ ਸੀ। ਵਰਿੰਦਰ ਦੇ ਕਤਲ ਤੋਂ ਬਾਅਦ ਦਿਓਲ ਪਰਿਵਾਰ ਟੁੱਟ ਗਿਆ ਸੀ। ਧਰਮਿੰਦਰ ਲਈ ਵੀ ਇਹ ਵੱਡਾ ਝਟਕਾ ਸੀ।
ਜਦੋਂ ਵਰਿੰਦਰ ਦਾ ਕਤਲ ਕੀਤਾ ਗਿਆ ਤਾਂ ਉਨ੍ਹਾਂ ਦੀ ਉਮਰ ਸਿਰਫ਼ 40 ਸਾਲ ਸੀ।
ਵਰਿੰਦਰ ਦੀ ਪਤਨੀ ਪੰਮੀ ਅਦਾਕਾਰ ਅਭੈ ਦਿਓਲ ਦੀ ਮਾਸੀ ਹੈ। ਵਰਿੰਦਰ ਦਾ ਅਸਲੀ ਨਾਂਅ ਸੁਭਾਸ਼ ਢਡਵਾਲ ਸੀ। ਉਨ੍ਹਾਂ ਦੇ ਦੋ ਪੁੱਤਰ ਰਣਦੀਪ ਅਤੇ ਰਮਨਦੀਪ ਆਰੀਆ ਹਨ।
ਉਨ੍ਹਾਂ ਨੇ ਆਪਣੇ ਚਚੇਰੇ ਅਤੇ ਧਰਮਿੰਦਰ ਦੇ ਅਸਲ ਭਰਾ ਅਭਿਨੇਤਾ ਕੰਵਰ ਅਜੀਤ ਸਿੰਘ (ਅਜੀਤ ਸਿੰਘ ਦਿਓਲ) ਨਾਲ ਇਕੋ ਦਿਨ ਦੋ ਭੈਣਾਂ ਦਾ ਵਿਆਹ ਕੀਤਾ। ਅਜੀਤ ਤੋਂ ਊਸ਼ਾ ਅਤੇ ਵਰਿੰਦਰ ਤੋਂ ਪੰਮੀ। ਊਸ਼ਾ ਅਤੇ ਪੰਮੀ ਭੈਣਾਂ ਹਨ।
ਪਤਨੀ ਮਰਹੂਮ ਪੰਮੀ ਵਰਿੰਦਰ ਨੇ ਪੰਜਾਬੀ ਫਿਲਮ ਦੁੱਲਾ ਭੱਟੀ (1998) ਵਿੱਚ ਪੁੱਤਰ ਰਣਦੀਪ ਆਰੀਆ ਨੂੰ ਨਿਰਦੇਸ਼ਿਤ ਕੀਤਾ।
ਅਦਾਕਾਰਾ ਦੀਪਤੀ ਭਟਨਾਗਰ ਅਤੇ ਚੰਦਨਾ ਸ਼ਰਮਾ ਉਨ੍ਹਾਂ ਦੀਆਂ ਨੂੰਹਾਂ ਹਨ।
ਉਨ੍ਹਾਂ ਦੀ ਬੇਟੀ ਦਾ ਨਾਂ ਮੋਨਿਕਾ ਹੈ।
ਮਰਹੂਮ ਪਤਨੀ ਪੰਮੀ ਵਰਿੰਦਰ ਨੇ 1989 ਵਿੱਚ ਵਰਿੰਦਰ ਲਈ ਵਿਛੋੜਾ ਤੇਰਾ ਸਿਰਲੇਖ ਨਾਲ ਇੱਕ ਸ਼ਰਧਾਂਜਲੀ ਐਲਬਮ ਤਿਆਰ ਕੀਤੀ। ਦਿਲਸ਼ਾਦ ਅਖਤਰ, ਸੁਖਵਿੰਦਰ ਸਿੰਘ, ਮੰਗਲ ਸਿੰਘ ਨੇ ਐਲਬਮ ਵਿੱਚ ਗੀਤ ਗਾਏ।
ਵਰਿੰਦਰ ਦੀ ਹਿੱਟ ਜੋੜੀ ਮੀਨਾ ਰਾਏ, ਪ੍ਰੀਤੀ ਸਪਰੂ, ਦਲਜੀਤ ਕੌਰ, ਅਰਪਣਾ ਚੌਧਰੀ, ਸ਼ੋਮਾ ਆਨੰਦ, ਸ਼ੋਭਨੀ ਸਿੰਘ ਅਤੇ ਅਰੁਣਾ ਇਰਾਨੀ ਨਾਲ ਰਹੀ।
ਇਕ ਵੈਬਸਾਈਟ ਲਈ ਗੁਰਵਿੰਦਰ ਦੀ ਰਿਪੋਰਟ ਮੁਤਾਬਿਕ ਵਰਿੰਦਰ ਦੇ ਕਤਲ ਵਾਲੇ ਦਿਨ ਤਲਵੰਡੀ ਕਲਾਂ ਸਥਿਤ ਇੱਕ ਘਰ ਵਿੱਚ ਆਸ-ਪਾਸ ਦੇ ਪਿੰਡਾਂ ਦੇ ਕਈ ਲੋਕ ਆਏ। ਸਾਰੇ ਪਿੰਡ ਦਾ ਮਾਹੌਲ ਅਜਿਹਾ ਬਣ ਗਿਆ ਜਿਵੇਂ ਕਿਸੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹੋਣ। ਇਹ ਫਿਲਮ ਜੱਟ ਤੇ ਜ਼ਮੀਨ ਦੀ ਆਖਰੀ ਸ਼ੂਟਿੰਗ ਸ਼ੈਡਿਊਲ ਸੀ।
ਲੋਕਾਂ ਨੇ ਆਪਣੇ ਵਹੀਕਲ ਸ਼ੂਟਿੰਗ ਵਾਲੀ ਥਾਂ ਦੇ ਨੇੜੇ ਇੱਕ ਘਰ ਵਿੱਚ ਪਾਰਕ ਕੀਤੇ ਹੋਏ ਸਨ। ਦੁਪਹਿਰ ਤੋਂ ਬਿਜਲੀ ਬੰਦ ਸੀ ਇਸ ਲਈ ਜਨਰੇਟਰ ਚਾਲੂ ਸੀ। ਇਹ ਦਸੰਬਰ 1988 ਦੀ ਇੱਕ ਠੰਡੀ ਸ਼ਾਮ ਸੀ ਅਤੇ ਹਰ ਆਦਮੀ, ਔਰਤਾਂ ਅਤੇ ਬੱਚਿਆਂ ਨੂੰ ਗਰਮ ਸ਼ਾਲਾਂ, ਕੰਬਲਾਂ ਅਤੇ ਊਨੀ ਕੱਪੜਿਆਂ ਵਿੱਚ ਲਪੇਟੇ ਦੇਖਿਆ ਜਾ ਸਕਦਾ ਸੀ।
ਤਿਆਰੀਆਂ ਪੂਰੀਆਂ ਹੋ ਚੁੱਕੀਆਂ ਸਨ ਅਤੇ ਸੈੱਟਅੱਪ ਸ਼ੂਟਿੰਗ ਲਈ ਤਿਆਰ ਸੀ। ਪਿੰਡ ਦੇ ਕੁਝ ਨੌਜਵਾਨਾਂ ਨੇ ਸ਼ੁਟਿੰਗ ਲਈ ਭੰਗੜਾ ਪਾਉਣਾ ਸੀ। ਲੀਡ ਐਕਟਰ ਤੇ ਪ੍ਰੋਡਿਊਸਰ ਵਰਿੰਦਰ ਤੇ ਅਦਾਕਾਰਾ ਮਨਪ੍ਰੀਤ ਕੌਰ ਉਰਫ ਵਿਜੇ ਬਾਂਸਲ ਵੀ ਤਿਆਰ ਸਨ। ਉਨ੍ਹਾਂ ਨੇ ਗੀਤ ਲਈ ਕੁਝ ਸਮਾਂ ਸ਼ੂਟ ਕੀਤਾ ਅਤੇ ਦੂਜੇ ਸ਼ੂਟ ਤੱਕ ਕੁਝ ਦੇਰ ਰੁਕ ਗਿਆ। ਅਚਾਨਕ ਪਟਾਕਿਆਂ ਦੇ ਫਟਣ ਦੀ ਆਵਾਜ਼ ਆਈ। ਜਨਰੇਟਰ ਦੇ ਸ਼ੋਰ ਦੇ ਵਿਚਕਾਰ, ਇੱਕ ਪਲ ਲਈ ਕਿਸੇ ਨੂੰ ਸਮਝ ਨਹੀਂ ਆਇਆ ਕਿ ਭੀੜ ਵਿੱਚ ਕੀ ਹੋ ਗਿਆ ਹੈ। ਜਲਦੀ ਹੀ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਗੋਲੀਆਂ ਦੀ ਆਵਾਜ਼ ਹੈ ਅਤੇ ਉਹ ਆਪਣੇ ਆਪ ਨੂੰ ਬਚਾਉਣ ਲਈ ਭੱਜੇ।
ਵਰਿੰਦਰ, ਕੈਮਰਾਮੈਨ ਪ੍ਰੀਤਮ ਸਿੰਘ ਭੱਲਾ ਅਤੇ ਅਦਾਕਾਰਾ ਮਨਪ੍ਰੀਤ ਕੌਰ ਨੂੰ ਗੋਲੀਆਂ ਲੱਗੀਆਂ ਸਨ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਮੰਨਿਆ ਜਾ ਰਿਹਾ ਹੈ ਕਿ ਵਰਿੰਦਰ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਕੈਮਰਾਮੈਨ ਪ੍ਰੀਤਮ ਸਿੰਘ ਭੱਲਾ ਦੀ ਲੱਤ ਵਿੱਚ ਗੋਲੀ
ਲੱਗੀ ਸੀ। ਅਦਾਕਾਰਾ ਮਨਪ੍ਰੀਤ ਕੌਰ (ਚਰਿੱਤਰ ਅਭਿਨੇਤਾ ਬਲਵੰਤ ਬਾਂਸਲ ਦੀ ਧੀ) ਬਚ ਗਈ ਪਰ ਉਸ ਨੂੰ ਡਿਪਰੈਸ਼ਨ ਤੋਂ ਬਾਹਰ ਨਿਕਲਣ ਵਿੱਚ ਕਾਫੀ ਸਮਾਂ ਲੱਗ ਗਿਆ। ਵਰਿੰਦਰ ਨੇ ਉਸ ਨਾਲ ਦੋ ਹੋਰ ਫਿਲਮਾਂ ਸ਼ੁਰੂ ਕਰਨੀਆਂ ਸਨ ਪਰ ਇਸ ਘਟਨਾ ਤੋਂ ਬਾਅਦ ਉਹ ਆਪਣੇ ਐਕਟਿੰਗ ਕਰੀਅਰ ਨੂੰ ਅੱਗੇ ਨਹੀਂ ਵਧਾਉਣਾ ਚਾਹੁੰਦੀ ਸੀ। ਜਲਦੀ ਹੀ ਉਸਨੇ ਅਭਿਨੇਤਾ ਸੂਰਜ ਚੱਢਾ ਨਾਲ ਵਿਆਹ ਕਰਵਾ ਲਿਆ ਅਤੇ ਆਪਣੇ ਪਰਿਵਾਰਕ ਜੀਵਨ ਵਿੱਚ ਰੁੱਝ ਗਈ। 2014 ਵਿੱਚ ਉਸਦੀ ਮੌਤ ਹੋ ਗਈ ਸੀ।
ਕੈਮਰਾਮੈਨ ਪ੍ਰੀਤਮ ਸਿੰਘ ਭੱਲਾ ਲਗਭਗ ਹਰ ਪੰਜਾਬੀ ਫ਼ਿਲਮ ਨਾਲ ਬਤੌਰ ਕੈਮਰਾਮੈਨ ਜੁੜਿਆ ਹੋਇਆ ਸੀ। ਇਸ ਘਟਨਾ ਦੇ ਲਗਭਗ ਇੱਕ ਦਹਾਕੇ ਬਾਅਦ 1998 ਵਿੱਚ ਉਸਦੀ ਮੌਤ ਹੋ ਗਈ।
ਪ੍ਰੀਤਮ ਦੀ ਧੀ ਮੀਤ ਕੌਰ ਯਾਦ ਕਰਦੀ ਹੈ, "ਮੈਂ ਸਿਰਫ਼ ਇੱਕ ਸਾਲ ਦੀ ਸੀ ਜਦੋਂ ਉਹ ਭਿਆਨਕ ਘਟਨਾ ਵਾਪਰੀ। ਪਿਤਾ ਜੀ ਨੇ ਬਾਅਦ ਵਿੱਚ ਮੈਨੂੰ ਦੱਸਿਆ ਕਿ ਇੰਡਸਟਰੀ ਵਿੱਚ ਕੋਈ ਵਿਅਕਤੀ ਵਰਿੰਦਰ ਅੰਕਲ ਨਾਲ ਈਰਖਾ ਕਰਦਾ ਸੀ। ਨਾਲ ਹੀ, ਉਹ ਹਮਲੇ ਪਿੱਛੇ ਕੱਟੜਪੰਥੀਆਂ ਦੇ ਹੱਥ ਹੋਣ ਦਾ ਵੀ ਜ਼ਿਕਰ ਕਰਦੇ ਸਨ। . ,
ਘਟਨਾ ਦੇ ਇਕ ਚਸ਼ਮਦੀਦ ਦਾ ਮੰਨਣਾ ਹੈ ਕਿ ਇਹ ਪਹਿਲਾਂ ਤੋਂ ਯੋਜਨਾਬੱਧ ਹਮਲਾ ਸੀ। ਕਰੀਬ ਪੂਰਾ ਦਿਨ ਬਿਜਲੀ ਬੰਦ ਰਹੀ, ਜਿਸ ਕਾਰਨ ਜਨਰੇਟਰ ਚਾਲੂ ਰਿਹਾ। ਉਸ ਨੇ ਕਿਹਾ, "ਇੱਕ ਪਲ ਲਈ ਕਿਸੇ ਨੂੰ ਸਮਝ ਨਹੀਂ ਆਇਆ ਕਿ ਕੀ ਹੋਇਆ ਹੈ। ਹਫੜਾ-ਦਫੜੀ ਵਿੱਚ ਕੁਝ ਲੋਕਾਂ ਨੇ ਸੋਚਿਆ ਕਿ ਇਹ ਕਿਸੇ ਫਿਲਮ ਦਾ ਸੀਨ ਹੈ।"
ਵਰਿੰਦਰ ਦੀ ਮੌਤ ਕਾਰਨ ਪੰਜਾਬੀ ਫਿਲਮ ਇੰਡਸਟਰੀ ਕਾਫੀ ਸਮੇਂ ਲਈ ਠੱਪ ਹੋ ਗਈ ਸੀ। ਜੱਟ ਤੇ ਜ਼ਮੀਨ ਉਨ੍ਹਾਂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਈ ਅਤੇ ਬਾਕਸ ਆਫਿਸ 'ਤੇ ਹਿੱਟ ਰਹੀ। ਪਰ ਹਮਲੇ ਤੋਂ ਬਾਅਦ ਸਥਿਤੀ ਬਦਲ ਗਈ। ਜੇਕਰ ਦਸ ਫ਼ਿਲਮਾਂ ਦੀ ਯੋਜਨਾ ਬਣਾਈ ਜਾ ਰਹੀ ਸੀ ਤਾਂ ਸਿਰਫ਼ ਚਾਰ ਹੀ ਮੰਜ਼ਿਲ 'ਤੇ ਚਲੀਆਂ ਗਈਆਂ, ਕਿਉਂਕਿ ਬਹੁਤ ਸਾਰੇ ਅਦਾਕਾਰ, ਨਿਰਮਾਤਾ, ਨਿਰਦੇਸ਼ਕ ਪੰਜਾਬੀ ਫ਼ਿਲਮ ਦੀ ਬਜਾਏ ਹਿੰਦੀ ਫ਼ਿਲਮ ਇੰਡਸਟਰੀ ਵਿੱਚ ਕੰਮ ਕਰਨ ਨੂੰ ਤਰਜੀਹ ਦੇਣ ਲੱਗੇ। ਵਰਿੰਦਰ ਨਾਲ ਅਕਸਰ ਖਲਨਾਇਕ ਰੋਲ ਨਿਭਾਉਣ ਵਾਲੇ ਲੋਕ ਗਾਇਕ ਅਤੇ ਅਦਾਕਾਰ ਗੁਰਚਰਨ ਸਿੰਘ ਆਪਣੇ ਪਰਿਵਾਰ ਸਮੇਤ ਵਿਦੇਸ਼ ਜਾਕੇ ਗੁੰਮਨਾਮ ਹੋ ਗਏ ਅਤੇ ਲੰਬਾ ਸਮਾਂ ਤੱਕ ਉਨ੍ਹਾਂ ਦੀ ਕੋਈ ਜਾਣਕਾਰੀ ਤੱਕ ਨਹੀਂ ਮਿਲੀ ਸੀ।
ਵਰਿੰਦਰ ਦੇ ਦਿਹਾਂਤ ਨੂੰ 36 ਸਾਲ ਹੋ ਗਏ ਹਨ, ਪਰ ਉਨ੍ਹਾਂ ਨੂੰ ਸਿਨੇਮਾ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਯਾਦ ਕੀਤਾ ਜਾਂਦਾ ਹੈ।
ਉਨ੍ਹਾਂ ਦੇ ਦੇਹਾਂਤ ਤੋਂ ਬਾਅਦ, ਉਨ੍ਹਾਂ ਦੀ ਯਾਦ ਵਿੱਚ "ਵਰਿੰਦਰ - ਦ ਸਨ ਆਫ ਪੰਜਾਬ, ਹੂ ਲਿਵਡ, ਲਵਡ ਐਂਡ ਡੈੱਡ ਫਾਰ ਪੰਜਾਬ" ਸਿਰਲੇਖ ਵਾਲੀ ਇੱਕ ਕਿਤਾਬ ਪ੍ਰਕਾਸ਼ਿਤ ਕੀਤੀ ਗਈ ਸੀ। ਸੰਜੇ ਦੱਤ, ਰਿਸ਼ੀ ਕਪੂਰ, ਸ਼੍ਰੀਦੇਵੀ, ਵਿਨੋਦ ਮਹਿਰਾ, ਮੰਦਾਕਿਨੀ, ਅਨੁਪਮ ਖੇਰ ਨੇ ਕਈ ਟਿੱਪਣੀਆਂ ਲਿਖੀਆਂ।
2019 ਵਿੱਚ, ਵਰਿੰਦਰ ਸਿੰਘ ਦੇ ਪੁੱਤਰ ਰਣਦੀਪ ਸਿੰਘ ਨੇ ਆਪਣੇ ਪਿਤਾ ਦੀ ਜੀਵਨੀ 'ਤੇ ਆਧਾਰਿਤ
ਬਾਇਓਪਿਕ ਫਿਲਮ ਬਣਾਉਣ ਦਾ ਐਲਾਨ ਕੀਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇਸ ਫਿਲਮ ਰਾਹੀਂ ਵਰਿੰਦਰ ਸਿੰਘ ਦੇ ਕਤਲ ਦੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਜਾਣਾ ਸੀ। ਪਰ ਅੱਜ ਤੱਕ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਨਹੀਂ ਹੋ ਸਕੀ।